Close

Recent Posts

ਖੇਡ ਸੰਸਾਰ ਪੰਜਾਬ ਮੁੱਖ ਖ਼ਬਰ

ਸਾਬਕਾ ਹਾਕੀ ਕਪਤਾਨ ਓਲੰਪੀਅਨ ਅਜੀਤ ਪਾਲ ਸਿੰਘ ਨੂੰ ਸਦਮਾ, ਪਤਨੀ ਦਾ ਦੇਹਾਂਤ

ਸਾਬਕਾ ਹਾਕੀ ਕਪਤਾਨ ਓਲੰਪੀਅਨ ਅਜੀਤ ਪਾਲ ਸਿੰਘ ਨੂੰ ਸਦਮਾ, ਪਤਨੀ ਦਾ ਦੇਹਾਂਤ
  • PublishedMay 20, 2023

ਖੇਡ ਮੰਤਰੀ ਮੀਤ ਹੇਅਰ ਵੱਲੋਂ ਬਾਸਕਟਬਾਲ ਖਿਡਾਰਨ ਕਿਰਨ ਅਜੀਤ ਪਾਲ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 20 ਮਈ 2023 (ਦੀ ਪੰਜਾਬ ਵਾਇਰ)। ਹਾਕੀ ਵਿਸ਼ਵ ਕੱਪ-1975 ਜੇਤੂ ਭਾਰਤੀ ਟੀਮ ਦੇ ਕਪਤਾਨ ਰਹੇ ਪਦਮ ਸ੍ਰੀ ਤੇ ਓਲੰਪੀਅਨ ਅਜੀਤ ਪਾਲ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਅਤੇ ਕੌਮਾਂਤਰੀ ਬਾਸਕਟਬਾਲ ਖਿਡਾਰਨ ਕਿਰਨ ਅਜੀਤ ਪਾਲ ਸਿੰਘ ਦਾ ਦੇਹਾਂਤ ਹੋ ਗਿਆ।

ਕਿਰਨ ਅਜੀਤ ਪਾਲ ਸਿੰਘ ਜੋ 69 ਵਰ੍ਹਿਆਂ ਦੇ ਸਨ, ਅੱਜ ਨਵੀਂ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਉਹ ਆਪਣੇ ਪਿੱਛੇ ਪਤੀ ਤੇ ਦੋ ਪੁੱਤਰ ਛੱਡ ਗਏ। ਕਿਰਨ ਅਜੀਤ ਪਾਲ ਸਿੰਘ ਦਾ ਅੰਤਿਮ ਸੰਸਕਾਰ ਭਲਕੇ ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹਾਕੀ ਓਲੰਪੀਅਨ ਅਜੀਤ ਪਾਲ ਸਿੰਘ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦੇ ਤੁਰ ਜਾਣ ਨੂੰ ਖ਼ੇਡ ਜਗਤ ਲਈ ਵੱਡਾ ਘਾਟਾ ਦੱਸਿਆ।ਉਨ੍ਹਾਂ ਕਿਹਾ ਕਿ ਅਜੀਤ ਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਕਿਰਨ ਅਜੀਤ ਪਾਲ ਸਿੰਘ ਦੋਵਾਂ ਨੇ ਕੌਮਾਂਤਰੀ ਪੱਧਰ ਉਤੇ ਖੇਡਾਂ ਦੇ ਖੇਤਰ ਵਿੱਚ ਭਾਰਤੀ ਦੀ ਨੁਮਾਇੰਦਗੀ ਕਰਦਿਆਂ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਮੀਤ ਹੇਅਰ ਨੇ ਅਜੀਤ ਪਾਲ ਸਿੰਘ ਨਾਲ ਡੂੰਘੀ ਸੰਵੇਦਨਾ ਜ਼ਾਹਰ ਕਰਦਿਆਂ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।

ਅਜੀਤ ਪਾਲ ਸਿੰਘ ਨੇ ਜਿੱਥੇ ਹਾਕੀ ਖੇਡ ਵਿੱਚ ਵਿਸ਼ਵ ਕੱਪ ਤੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ ਉੱਥੇ ਉਨ੍ਹਾਂ ਦੀ ਪਤਨੀ ਕਿਰਨ ਅਜੀਤ ਪਾਲ ਸਿੰਘ ਨੇ ਬਾਸਕਟਬਾਲ ਵਿੱਚ ਭਾਰਤ ਦੀ ਪ੍ਰਤਿਨਿਧਤਾ ਕੀਤੀ। ਖੇਡ ਜਗਤ ਵਿੱਚ ਉਹ ਗਿਣੀਆਂ-ਚੁਣਵੀਆਂ ਜੋੜੀਆਂ ਵਿੱਚੋਂ ਇਕ ਸਨ ਜੋ ਭਾਰਤ ਵੱਲੋਂ ਖੇਡੇ।ਕਿਰਨ ਅਜੀਤ ਪਾਲ ਸਿੰਘ ਜੋ ਬਾਸਕਟਬਾਲ ਖੇਡ ਵਿੱਚ ਕਿਰਨ ਗਰੇਵਾਲ ਵਜੋਂ ਜਾਣੇ ਜਾਂਦੇ ਸਨ, ਦਾ ਜੱਦੀ ਪਿੰਡ ਲਲਤੋਂ ਕਲਾਂ (ਲੁਧਿਆਣਾ) ਸੀ। ਉਨ੍ਹਾਂ ਦਾ ਜਨਮ ਨਵੀਂ ਦਿੱਲੀ ਵਿਖੇ ਹੀ ਹੋਇਆ ਸੀ ਅਤੇ ਇੱਥੋਂ ਹੀ ਪੜ੍ਹਾਈ ਹਾਸਲ ਕੀਤੀ ਅਤੇ ਫੇਰ ਬਾਸਕਟਬਾਲ ਖੇਡੇ।ਅਜੀਤ ਪਾਲ ਸਿੰਘ ਹਾਕੀ ਦੇ ਮੱਕੇ ਵਜੋਂ ਜਾਣੇ ਜਾਂਦੇ ਪਿੰਡ ਸੰਸਾਰਪੁਰ ਦੇ ਰਹਿਣ ਵਾਲੇ ਹਨ। ਉਹ ਪਰਿਵਾਰ ਸਮੇਤ ਲੰਬੇ ਸਮੇਂ ਤੋਂ ਨਵੀਂ ਦਿੱਲੀ ਵਿਖੇ ਹੀ ਰਹਿ ਰਹੇ ਸਨ।

Written By
The Punjab Wire